ਮੋਦੀ ਦਾ ਬਦਲ ਭਾਲਣ ਲੱਗੀ ਭਾਰਤੀ ਸਰਮਾਏਦਾਰੀ

 • ਭਾਰਤ ਇਸ ਵਕਤ ਭਾਰਤੀ ਜਨਤਾ ਪਾਰਟੀ ਤੇ ਇਸ ਦੇ ਆਗੂ ਨਰਿੰਦਰ ਮੋਦੀ ਦਾ ਯੋਗ ਬਦਲ ਲੱਭਣ ਦੀ ਉਸ ਪ੍ਰਕਿਰਿਆ ਵਿੱਚ ਹੈ, ਜਿਸ ਵਿੱਚ ਹੋਰ ਕੋਈ ਵੀ ਹੋਵੇ, ਸੋਨੀਆ ਗਾਂਧੀ ਤੇ ਉਸ ਦੇ ਪੁੱਤਰ ਲਈ ਕੋਈ ਥਾਂ ਨਹੀਂ ਹੋਵੇਗੀ। ਜਾਂ ਇਹ ਹੋ ਸਕਦਾ ਹੈ ਕਿ ਦੋਵਾਂ ਮਾਂ-ਪੁੱਤਰ ਨੂੰ ਇਹੋ ਜਿਹੀ ਥਾਂ ਦਿੱਤੀ ਜਾਵੇ ਕਿ ਦੋਵੇਂ ਜ਼ਲੀਲ ਹੋ ਕੇ ਦੂਸਰਿਆਂ ਦੇ ਮਗਰ ਤੁਰੇ ਜਾਣ ਦੀ ਥਾਂ ਸਿਆਸਤ ਤੋਂ ਸੰਨਿਆਸ ਲੈਣ ਬਾਰੇ ਸੋਚਣ ਲੱਗ ਜਾਣ।


  ਰਾਜਨੀਤੀ ਸਿਰਫ਼ ਰਾਜਸੀ ਪਾਰਟੀਆਂ ਦੇ ਲੀਡਰਾਂ ਨਾਲ ਬੱਝ ਕੇ ਨਹੀਂ ਚੱਲਦੀ। ਇਸ ਦੇਸ਼ ਦੇ ਜਿਹੜੇ ਲੋਕਾਂ ਦੇ ਹੱਥ ਵਿੱਚ ਉਦਯੋਗਾਂ ਤੇ ਵਪਾਰ ਦੀ ਅਗਵਾਈ ਹੈ, ਉਨ੍ਹਾਂ ਨੇ ਬੀਤੇ ਸੱਤਰ ਸਾਲਾਂ ਵਿੱਚ ਕਈ ਆਗੂ ਬਦਲੇ ਹਨ ਤੇ ਸਿਰਫ਼ ਰਾਜਨੀਤੀ ਦੇ ਆਗੂ ਨਹੀਂ ਬਦਲਦੇ, ਆਪਣੀ ਅਗਵਾਈ ਦਾ ਝੰਡਾ ਵੀ ਬੰਦਾ ਬਦਲਣ ਦੇ ਬਾਅਦ ਕਿਸੇ ਵੇਲੇ ਵੀ ਕਿਸੇ ਨਵੇਂ ਪੂੰਜੀਪਤੀ ਦੇ ਹੱਥ ਫੜਾਉਣ ਨੂੰ ਤਿਆਰ ਰਹਿੰਦੇ ਹਨ। ਲੰਮਾ ਸਮਾਂ ਇਸ ਦੇਸ਼ ਦੀ ਪੂੰਜੀਪਤੀ ਜਮਾਤ ਨੇ ਨਹਿਰੂ-ਗਾਂਧੀ ਪਰਵਾਰ ਨੂੰ ਵੋਟਾਂ ਖਿੱਚਣ ਵਾਲੀ ਸਭ ਤੋਂ ਵੱਡੀ ਕੁੰਡੀ ਸਮਝ ਕੇ ਵਰਤਿਆ ਤੇ ਇਸ ਦਾ ਸਾਥ ਦਿੱਤਾ ਸੀ। ਜਿਹੜੇ ਕੁਝ ਪੂੰਜੀਪਤੀ ਪਾਸਾ ਵੱਟਣ ਲੱਗੇ ਸਨ, ਬਾਕੀਆਂ ਨੇ ਆਪਣੀ ਜਮਾਤ ਦਾ ਹਿੱਤ ਵੇਖ ਕੇ ਉਨ੍ਹਾਂ ਦੀ ਥਾਂ ਪੂੰਜੀ ਦੇ ਨਵੇਂ ਆਗੂ ਬਣਾਏ ਤੇ ਇਸ ਟੱਬਰ ਨਾਲ ਜੁੜੇ ਰਹੇ ਸਨ। ਸਰਮਾਏਦਾਰੀ ਦੇ ਨਵੇਂ ਲੀਡਰਾਂ ਵਿੱਚ ਬੜੀ ਤੇਜ਼ੀ ਨਾਲ ਉੱਭਰੇ ਧੀਰੂ ਭਾਈ ਅੰਬਾਨੀ ਦਾ ਰਿਲਾਇੰਸ ਗਰੁੱਪ ਵੀ ਸੀ, ਜਿਹੜਾ ਕਰੀਬ ਤੀਹ ਸਾਲ ਤੱਕ ਇਸ ਦੇਸ਼ ਵਿੱਚ ਇਹ ਫ਼ੈਸਲਾ ਕਰਨ ਵਿੱਚ ਮੋਹਰੀ ਰਿਹਾ ਕਿ ਭਾਰਤ ਦੀ ਕਮਾਨ ਇਸ ਜਾਂ ਉਸ ਆਗੂ ਹੱਥ ਹੋਵੇ ਤਾਂ ਠੀਕ ਹੋਵੇਗਾ। ਫਿਰ ਨਵੇਂ ਲੀਡਰ ਓਦਾਂ ਹੀ ਉੱਭਰਨ ਲੱਗ ਪਏ, ਜਿਵੇਂ ਕਦੇ ਧੀਰੂ ਭਾਈ ਉੱਭਰਿਆ ਸੀ। ਧੀਰੂ ਭਾਈ ਹਾਲਾਤ ਦਾ ਵਹਿਣ ਵੇਖ ਕੇ ਚੁੱਪ ਹੋ ਗਿਆ। ਉਸ ਦੇ ਬਾਅਦ ਉਸ ਦੇ ਪੁੱਤਰਾਂ ਨੂੰ ਆਪਸ ਵਿੱਚ ਲੜਾ ਕੇ ਧੀਰੂ ਭਾਈ ਦੇ ਪੁਰਾਣੇ ਬੇਲੀਆਂ ਨੇ ਹੀ ਹੋਰਨਾਂ ਪੂੰਜੀਪਤੀਆਂ ਦੇ ਰਾਜਸੀ ਪੱਖੋਂ ਥੱਲੇ ਲਾ ਦਿੱਤਾ ਸੀ।

  ਅੱਜ ਦੇ ਯੁੱਗ ਵਿੱਚ ਭਾਰਤੀ ਉਦਯੋਗ ਤੇ ਵਪਾਰ ਬਾਜ਼ਾਰ ਦੀ ਲੀਡਰੀ ਗੌਤਮ ਅਡਾਨੀ ਦੇ ਕੋਲ ਹੈ ਤੇ ਇਹ ਲੀਡਰੀ ਉਸ ਦੀ ਉਦਯੋਗ ਦੇ ਪੱਖੋਂ ਕਿਸੇ ਕਮਾਲ ਦੇ ਕਾਰਨ ਨਹੀਂ, ਇੱਕ ਵਿਸ਼ੇਸ਼ ਮੋੜ ਉੱਤੇ ਬਹੁਤ ਹੀ ਚੁਸਤ ਰਾਜਸੀ ਪੈਂਤੜੇ ਕਾਰਨ ਉਸ ਦੇ ਹੱਥ ਆਈ ਸੀ। ਗੁਜਰਾਤ ਦੇ ਦੰਗਿਆਂ ਪਿੱਛੋਂ ਜਦੋਂ ਭਾਰਤ ਦੀ ਸਰਮਾਏਦਾਰੀ ਦਾ ਵੱਡਾ ਹਿੱਸਾ ਇਸ ਦੇਸ਼ ਦੀ ਸੈਕੂਲਰ ਦਿੱਖ ਨਾਲ ਖੜੋਣ ਲਈ ਅਟਲ ਬਿਹਾਰੀ ਵਾਜਪਾਈ ਦੇ ਇਸ਼ਾਰੇ ਉੱਤੇ ਇੱਕੋ ਸਾਹ ਵਿੱਚ ਨਰਿੰਦਰ ਮੋਦੀ ਦੇ ਖ਼ਿਲਾਫ਼ ਬੋਲ ਰਿਹਾ ਸੀ, ਇਕੱਲਾ ਅਡਾਨੀ ਅੱਗੇ ਆਣ ਕੇ ਨਰਿੰਦਰ ਮੋਦੀ ਦੇ ਪੱਖ ਵਿੱਚ ਬੋਲਿਆ ਤੇ ਅਗਲੇ ਦਿਨ ਲੰਚ ਵੇਲੇ ਮੋਦੀ ਦੇ ਨਾਲ ਬੈਠਾ ਸੀ। ਉਹ ਭਾਰਤੀ ਰਾਜਨੀਤੀ ਤੇ ਭਾਰਤੀ ਪੂੰਜੀ ਦੇ ਖੇਤਰ ਵਿੱਚ ਵੱਡੇ ਮੋੜ ਵਾਲਾ ਮੌਕਾ ਸੀ। ਕਈ ਪੂੰਜੀਪਤੀ ਅਗਲੇ ਦਿਨਾਂ ਵਿੱਚ ਉਸ ਪਾਸੇ ਤੁਰ ਪਏ ਸਨ। ਨਤੀਜੇ ਵਜੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਹ ਅਹੁਦਾ ਮਿਲ ਗਿਆ, ਜਿਹੜਾ ਉਹ ਚਿਰਾਂ ਦਾ ਭਾਲਦਾ ਸੀ। 

  ਸਰਮਾਏਦਾਰੀ ਇੱਕ ਜਮਾਤ ਦੇ ਤੌਰ ਉੱਤੇ ਇਹ ਗੱਲ ਕਦੇ ਨਹੀਂ ਮੰਨ ਸਕਦੀ ਕਿ ਕੋਈ ਲੀਡਰ ਉਨ੍ਹਾਂ ਨੂੰ ਆਪਣੇ ਸਾਹਮਣੇ ਟਿੱਚ ਜਾਣਨ ਲੱਗ ਪਏ। ਪਿਛਲੇ ਦੋ ਸਾਲਾਂ ਵਿੱਚ ਇਹ ਗੱਲ ਮਹਿਸੂਸ ਕੀਤੀ ਗਈ ਹੈ ਤੇ ਇਸ ਦੇ ਬਾਅਦ ਨਰਿੰਦਰ ਮੋਦੀ ਦਾ ਢੁੱਕਵਾਂ ਬਦਲ ਤਲਾਸ਼ਣ ਦੇ ਯਤਨ ਹੋਣ ਲੱਗ ਪਏ ਹਨ। ਬਹੁਤ ਸਮਾਂ ਕਾਂਗਰਸ ਦੀ ਅਗਵਾਈ ਕਰਦੇ ਮਾਂ-ਪੁੱਤਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪਰਖਣ ਲਈ ਖ਼ਰਚ ਚੁੱਕਣ ਦੇ ਬਾਅਦ ਹੁਣ ਉਹ ਇਸ ਤਰ੍ਹਾਂ ਸੋਚਣ ਲੱਗੇ ਹਨ ਕਿ ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ ਹੈ। ਢੁੱਕਵੇਂ ਭਾਲ ਦੀ ਦੌੜ ਦਾ ਇੱਕ ਸਿਰਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲ ਜਾਂਦਾ ਹੈ, ਜਿਹੜੀ ਲਗਾਤਾਰ ਦੂਸਰੀ ਜਿੱਤ ਨਾਲ ਸੱਤਵੇਂ ਅਸਮਾਨ ਉੱਤੇ ਹੈ, ਪਰ ਸਰਮਾਏਦਾਰੀ ਉਸ ਨੂੰ ਹਾਲੇ ਚੁੱਕ ਨਹੀਂ ਸਕੀ। ਉਸ ਦਾ ਜ਼ਿੱਦੀ ਸੁਭਾਅ ਅਤੇ ਆਪਣੀ ਰਾਜਸੀ ਲੋੜ ਲਈ ਹਰ ਕਿਸੇ ਨੂੰ ਬਲੀ ਚਾੜ੍ਹ ਦੇਣ ਵਾਲੀ ਆਦਤ ਤੋਂ ਸਰਮਾਏਦਾਰੀ ਕੰਬ ਜਾਂਦੀ ਹੈ। ਨੰਦੀਗ੍ਰਾਮ ਅਤੇ ਸਿੰਗੂਰ ਦੇ ਪ੍ਰਾਜੈਕਟਾਂ ਦਾ ਉਸ ਵੱਲੋਂ ਕੀਤਾ ਗਿਆ ਵਿਰੋਧ ਅਜੇ ਤੱਕ ਉਸ ਰਾਜ ਵਿੱਚ ਨਵੇਂ ਪ੍ਰਾਜੈਕਟ ਵੀ ਨਹੀਂ ਆਉਣ ਦੇ ਰਿਹਾ। ਮਮਤਾ ਬੈਨਰਜੀ ਦੀ ਹੱਦੋਂ ਵੱਧ ਮਾੜੀ ਬੋਲੀ ਵੀ ਅੜਿੱਕਾ ਬਣ ਰਹੀ ਹੈ। 

  ਢੁੱਕਵੇਂ ਬਦਲ ਦੀ ਇਸ ਭਾਲ ਦਾ ਦੂਸਰਾ ਸਿਰਾ ਬਿਹਾਰ ਦੇ ਮੁੱਖ ਮੰਤਰੀ ਵਜੋਂ ਤੀਸਰੀ ਵਾਰ ਰਾਜ ਚਲਾ ਰਹੇ ਨਿਤੀਸ਼ ਕੁਮਾਰ ਤੱਕ ਜਾ ਪਹੁੰਚਦਾ ਹੈ। ਬਹੁਤ ਵੱਡਾ ਹਿੱਸਾ ਇਹ ਗੱਲ ਸਮਝਦਾ ਹੈ ਕਿ ਉਹ ਸੈਕੂਲਰ ਵੀ ਹੈ ਤੇ ਸਮਝਦਾਰ ਵੀ, ਅੱਖੜ ਵੀ ਨਹੀਂ ਤੇ ਬੋਲੀ ਵੱਲੋਂ ਮਾੜਾ ਵੀ ਨਹੀਂ, ਇਸ ਲਈ ਉਹ ਕੁਝ ਹੱਦ ਤੱਕ ਪਰਖਣ ਦੇ ਲਈ ਢੁੱਕਵਾਂ ਉਮੀਦਵਾਰ ਹੋ ਸਕਦਾ ਹੈ। ਅੜਿੱਕਾ ਇਹ ਹੈ ਕਿ ਬਦਲ ਦੀ ਖੋਜ ਵੇਲੇ ਮੁਲਾਇਮ ਸਿੰਘ ਅਤੇ ਕਈ ਹੋਰ ਵੀ ਜਦੋਂ ਲਾਈਨ ਵਿੱਚ ਹਨ ਤਾਂ ਕਈ ਕਾਂਗਰਸੀ ਆਗੂ ਇਹ ਸਮਝਦੇ ਹਨ ਕਿ ਨਿਤੀਸ਼ ਕੁਮਾਰ ਇੱਕ ਵਾਰੀ ਦੋ ਕਦਮ ਅੱਗੇ ਹੋ ਗਿਆ ਤਾਂ ਫਿਰ ਸਾਡੇ ਵਿੱਚੋਂ ਕਿਸੇ ਦੀ ਕਦੇ ਵੀ ਵਾਰੀ ਨਹੀਂ ਆ ਸਕਣੀ। ਵਾਰੀ ਉਨ੍ਹਾਂ ਵਿੱਚੋਂ ਕਿਸੇ ਦੀ ਉਂਝ ਵੀ ਕਦੀ ਨਹੀਂ ਆਉਣੀ। ਕਾਂਗਰਸ ਕਾਇਮ ਰਹੀ ਤਾਂ ਉਹ ਸੋਨੀਆ ਅਤੇ ਉਸ ਦੇ ਮੁੰਡੇ ਦੇ ਅੱਗੇ-ਪਿੱਛੇ ਨੱਚਣ ਵਾਲੀ ਟੀਮ ਵਿੱਚ ਬਣੇ ਰਹਿਣਗੇ ਤੇ ਜੇ ਕਾਂਗਰਸ ਦਾ ਬਿਸਤਰਾ ਲਪੇਟਣ ਦੀ ਨੌਬਤ ਆ ਗਈ ਤਾਂ ਭਾਜਪਾ ਜਾਂ ਖੇਤਰੀ ਦਲਾਂ ਵਿੱਚੋਂ ਕਿਸੇ ਵਿੱਚ ਉਨ੍ਹਾਂ ਦੇ ਪੈਰ ਨਹੀਂ ਲੱਗਣੇ। ਇਸ ਗੱਲ ਨੂੰ ਸਮਝਣ ਪਿੱਛੋਂ ਭਾਰਤੀ ਪੂੰਜੀ ਬਾਜ਼ਾਰ ਦਾ ਉਹ ਹਿੱਸਾ ਇੱਕ ਵਾਰ ਫਿਰ ਸਰਗਰਮ ਦਿਖਾਈ ਦੇਂਦਾ ਹੈ, ਜਿਹੜਾ ਅੰਬਾਨੀ ਤੋਂ ਅਡਾਨੀ ਤੱਕ ਦੇ ਬਦਲ ਖੋਜਣ ਤੇ ਉਭਾਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਸੀ। ਰਾਜਸੀ ਖੇਤਰ ਦੇ ਆਗੂ ਲੋਕ ਇਸ ਖੋਜ ਤੋਂ ਜਾਣੂ ਤਾਂ ਹਨ, ਪਰ ਸਿਵਾਏ ਚੁੱਪ ਦਰਸ਼ਕ ਬਣੇ ਰਹਿਣ ਤੋਂ ਕੁਝ ਕਰਨ ਜੋਗੇ ਨਹੀਂ। ਆਖਰੀ ਰੂਪ ਵਿੱਚ ਇਸ ਦੇਸ਼ ਦੀ ਰਾਜਸੀ ਅਗਵਾਈ ਦਾ ਫ਼ੈਸਲਾ ਕਰਨਾ ਭਾਵੇਂ ਵੋਟਰਾਂ ਨੇ ਹੈ, ਕਰਨਾ ਕਿਸੇ ਰਾਜਸੀ ਆਗੂ ਬਾਰੇ ਹੈ, ਪਰ ਇਸ ਦੇ ਲਈ ਮੋਹਰਿਆਂ ਦੀ ਪੇਸ਼ਕਾਰੀ ਕਰਨ ਲਈ ਪੂੰਜੀ ਬਾਜ਼ਾਰ ਸਰਗਰਮ ਹੋ ਚੁੱਕਾ ਹੈ।

   

  ਸੰਪਾਦਕ ਪੰਨਾ

  http://nawanzamana.in/

Comments

2 comments
 • Agustin Montes
  Agustin Montes http://www.voguebagsau.com Michael Kors Duffle Bag
  http://www.fashionbagsau.com Michael Kors Watches Australia
  http://www.crazybagsau.com Michael Kors Australia Store
  http://www.aubagsoutlet.com Michael Kors Handbags Australia...  more
  December 26, 2016 - 1 likes this
 • adidasnmd adidasnmd
  adidasnmd adidasnmd http://www.adidasnmd.uk
  http://www.tiffanyandcooutletonline.us.com
  http://www.chromehearts.com.co
  http://www.outletlongchamp.us.com...  more
  December 27, 2016

(200 symbols max)

(256 symbols max)